ਗੁਰਦਵਾਰਾ ਗੁਰਪੰਥ ਪ੍ਰਕਾਸ਼, ਲੈੱਸਟਰ ਵਿਖੇ
ਸਾਲਾਨਾ ਮਾਘ ਸਮਾਗਮ
ਮਾਘ ਮਹੀਨੇ ਦੀ ਪਿਵੱਤਰਤਾ ਅਤੇ ਮਹਾਨਤਾ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਜਵੇਂ ਗੁਰੂ ਨਾਨਕ, ਗੁਰੂ ਅਰਜਨ ਸਾਹਿਬ ਜੀ ਦਾ ਫੁਰਮਾਨ ਹੈ:
ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥ ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ॥ ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ ॥ ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ ॥ ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ॥ ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥ ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ ॥ ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ ॥ ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ ॥੧੨॥ {ਅੰਗ 136}
ਅਰਥ:- ਮਾਘ ਵਿਚ (ਮਾਘੀ ਵਾਲੇ ਦਿਨ ਲੋਕ ਪ੍ਰਯਾਗ ਆਦਿਕ ਤੀਰਥਾਂ ਤੇ ਇਸ਼ਨਾਨ ਕਰਨਾ ਬੜਾ ਪੁੰਨ ਸਮਝਦੇ ਹਨ, ਪਰ ਤੂੰ ਹੇ ਭਾਈ!) ਗੁਰਮੁਖਾਂ ਦੀ ਸੰਗਤਿ ਵਿਚ (ਬੈਠ, ਇਹੀ ਹੈ ਤੀਰਥਾਂ ਦਾ) ਇਸ਼ਨਾਨ, ਉਹਨਾਂ ਦੀ ਚਰਨ ਧੂੜ ਵਿਚ ਇਸ਼ਨਾਨ ਕਰ (ਨਿਮ੍ਰਤਾ-ਭਾਵ ਨਾਲ ਗੁਰਮੁਖਾਂ ਦੀ ਸੰਗਤਿ ਕਰ, ਉਥੇ) ਪਰਮਾਤਮਾ ਦਾ ਨਾਮ ਜਪ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ, ਹੋਰ ਸਭਨਾਂ ਨੂੰ ਇਹ ਨਾਮ ਦੀ ਦਾਤਿ ਵੰਡ, (ਇਸ ਤਰ੍ਹਾਂ) ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮੈਲ (ਤੇਰੇ ਮਨ ਤੋਂ) ਲਹਿ ਜਾਇਗੀ, ਤੇਰੇ ਮਨ ਵਿਚੋਂ ਅਹੰਕਾਰ ਦੂਰ ਹੋ ਜਾਇਗਾ । (ਸਿਮਰਨ ਦੀ ਬਰਕਤਿ ਨਾਲ) ਕਾਮ ਵਿਚ ਕ੍ਰੋਧ ਵਿਚ ਨਹੀਂ ਫਸੀਦਾ, ਲੋਭ-ਕੁੱਤਾ ਭੀ ਮੁੱਕ ਜਾਂਦਾ ਹੈ (ਲੋਭ, ਜਿਸ ਦੇ ਅਸਰ ਹੇਠ ਮਨੁੱਖ ਕੁੱਤੇ ਵਾਂਗ ਦਰ ਦਰ ਤੇ ਭਟਕਦਾ ਹੈ) । ਇਸ ਸੱਚੇ ਰਸਤੇ ਉੱਤੇ ਤੁਰਿਆਂ ਜਗਤ ਦੀ ਸੋਭਾ ਕਰਦਾ ਹੈ । ਅਠਾਹਠ ਤੀਰਥਾਂ ਦਾ ਇਸ਼ਨਾਨ, ਸਾਰੇ ਪੁੰਨ ਕਰਮ, ਜੀਵਾਂ ਉੱਤੇ ਦਇਆ ਕਰਨੀ ਜੋ ਧਾਰਮਿਕ ਕੰਮ ਮੰਨੀ ਗਈ ਹੈ (ਇਹ ਸਭ ਕੁਝ ਸਿਮਰਨ ਦੇ ਵਿਚ ਹੀ ਆ ਜਾਂਦਾ ਹੈ) ।
ਪਰਮਾਤਮਾ ਕਿਰਪਾ ਕਰ ਕੇ ਜਿਸ ਮਨੁੱਖ ਨੂੰ (ਸਿਮਰਨ ਦੀ ਦਾਤਿ) ਦੇਂਦਾ ਹੈ, ਉਹ ਮਨੁੱਖ (ਜ਼ਿੰਦਗੀ ਦੇ ਸਹੀ ਰਸਤੇ ਦੀ ਪਛਾਣ ਵਾਲਾ) ਸਿਆਣਾ ਹੋ ਜਾਂਦਾ ਹੈ । ਹੇ ਨਾਨਕ! (ਆਖ—) ਜਿਨ੍ਹਾਂ ਨੂੰ ਪਿਆਰਾ ਪ੍ਰਭੂ ਮਿਲ ਪਿਆ ਹੈ, ਮੈਂ ਉਹਨਾਂ ਤੋਂ ਸਦਕੇ ਹਾਂ । ਮਾਘ ਮਹੀਨੇ ਵਿਚ ਸਿਰਫ਼ ਉਹੀ ਸੁੱਚੇ ਬੰਦੇ ਆਖੇ ਜਾਂਦੇ ਹਨ, ਜਿਨ੍ਹਾਂ ਉੱਤੇ ਪੂਰਾ ਸਤਿਗੁਰੂ ਦਇਆਵਾਨ ਹੁੰਦਾ ਹੈ (ਤੇ ਜਿਨ੍ਹਾਂ ਨੂੰ ਸਿਮਰਨ ਦੀ ਦਾਤਿ ਦੇਂਦਾ ਹੈ) ।੧੨।
ਦੁਨੀਆਂ ਭਰ ਵਿੱਚ ਨਾਨਕ ਨਾਮ ਲੇਵਾ ਸੰਗਤਾਂ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ਼ ਇਸ ਮਹੀਨੇ ਪਵਿਤ੍ਰ ਮਹੀਨੇ ਬਾਣੀ ਦੇ ਨਾਮ ਸਿਮਰਨ ਦੇ ਨਿੱਘੇ ਸਮੁੰਦਰ ਵਿੱਚ ਡੁਬਕੀਆਂ ਲਗਾ ਕੇ ਭਾਵ ਇਸ਼ਨਾਨ ਕਰਕੇ ਜੀਵਨ ਸਫਲਾ ਕਰਦੀਆਂ ਹਨ। ਦੁਨੀਆਂ ਭਰ ਵਿੱਚ ਅਕਾਲ ਪੁਰਖ ਨੇ ਵੱਖ ਵੱਖ ਮਹਾਂ ਪੁਰਖਾਂ ਦੀਆਂ ਵੱਖ ਵੱਖ ਖੇਤਰਾਂ ਵਿੱਚ ਭਾਵੇਂ ਵੱਖ ਵੱਖ ਡਿਊਟੀਆਂ ਲਗਾ ਰੱਖੀਆਂ ਹਨ, ਪਰ ਸਭ ਨੇ ਹੀ ਇਸ ਮਹੀਨੇ ਦੀ ਪਵਿੱਤ੍ਰਤਾ ਅਤੇ ਮਹਾਨਤਾ ਨੂੰ ਦਰਸਾਉਂਦਿਆਂ ਸਭ ਜਗਤ ਨੂੰ ਹੀ ਨਾਮ ਸਿਮਰਨ ਵਿੱਚ ਲੀਨ ਹੋਣ ਦਾ ਉਪਦੇਸ਼ ਦਿੱਤਾ ਹੈ। ਜਿਸ ਨਾਲ਼ ਇਨਸਾਨ ਭਾਂਤ ਭਾਂਤ ਦੇ ਕਰਮ ਕਾਂਡਾਂ ਤੋਂ ਖੁਦ ਨੂੰ ਦੋਹਾਂ ਜਨਮਾਂ ‘ਚ ਮੁਕਤ ਕਰ ਲੈਂਦਾ ਹੈ।
ਇਹ ਸਭ ਬਾਬਾ ਜਸਵੰਤ ਸਿੰਘ ਜੀ, ਗੁਰਦਵਾਰਾ ਨਾਨਕਸਰ ਲੁਧਿਆਣਾ ਵਾਲ਼ਿਆਂ ਦੇ ਮਹਾਨ ਉੱਦਮ ਅਤੇ ਅਦੁੱਤੀ ਪ੍ਰੇਰਨਾ ਦਾ ਸਦਕਾ ਹੀ ਹੈ ਕਿ ਇੰਗਲੈਂਡ ਦੇ ਵੱਡੀ ਪੰਜਾਬੀ ਵਸੋਂ ਵਾਲ਼ੇ ਸ਼ਹਿਰ ਲੈੱਸਟਰ ਵਿਖੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਤ ਗੁਰਦਵਾਰਾ ਗੁਰਪੰਥ ਪ੍ਰਕਾਸ਼ ਦੀ ਸਥਾਪਨਾ 2004/ 2005 ਵਿੱਚ ਕੀਤੀ ਗਈ। ਇਸ ਅਸਥਾਨ ਤੇ ਪਿਛਲੇ ਅੱਠ ਸਾਲਾਂ ਤੋਂ ਹਰ ਸਾਲ ਮਾਘ ਦੇ ਮਹੀਨੇ, ਮਾਘੀ ਦੀ ਸੰਗਰਾਂਦ ਤੋਂ, ਗੁਰੂ ਗ੍ੰਥ ਸਾਹਿਬ ਜੀ ਦੇ ਲੜੀਵਾਰ ਅਖੰਡ ਪਾਠ ਅਰੰਭ ਹੁੰਦੇ ਹਨ ਜਿਨਾਂ ਦੇ ਪ੍ਰਵਾਹ ਲੱਗਭੱਗ ਪੂਰਾ ਸਵਾ ਮਹੀਨਾ ਚੱਲਦੇ ਹਨ। ਇਸ ਦੌਰਾਨ ਇੰਗਲੈਂਡ ਭਰ ਦੇ ਵੱਖ ਵੱਖ ਸ਼ਹਿਰਾਂ ਤੋਂ ਸੰਗਤਾਂ ਬਹੁਤ ਹੀ ਸ਼ਰਧਾ ਅਤੇ ਸੇਵਾ ਭਾਵਨਾ ਨਾਲ਼ ਅਖੰਡ ਪਾਠ ਸਾਹਿਬ ਦੀ ਸੇਵਾ ਪ੍ਰਾਪਤ ਕਰ ਕੇ, ਬਾਣੀ ਸਰਵਣ ਕਰਕੇ, ਲੰਗਰਾਂ ‘ਚ ਸੰਗਤਾਂ ਦੀ ਸੇਵਾ ਕਰਕੇ ਜੀਵਨ ਸਫਲਾ ਕਰਦੀਆਂ ਹਨ ਅਤੇ ਸਤਿਗੁਰਾਂ ਦੀਆਂ ਅਸੀਸਾਂ ਪਰਾਪਤ ਕਰਦੀਆਂ ਹਨ।
ਇਸ ਲੜੀ ਦੇ ਅਖੀਰਲੇ ਭਾਗ ਵਿੱਚ ਅਖੰਡ ਪਾਠਾਂ ਦੀ ਗਿਣਤੀ 15 ਦੇ ਕਰੀਬ ਹੋ ਜਾਂਦੀ ਹੈ। ਇਨਾਂ ਆਖਰੀ ਤਿੰਨਾਂ ਦਿਨਾਂ ਦੌਰਾਨ ਗੁਰੂ ਦੇ ਦਰਬਾਰ ਦੀ ਸੋਭਾ ਦੇਖਿਆਂ ਹੀ ਬਣਦੀ ਹੈ। ਬਹੁਤ ਹੀ ਸਲੀਕੇ ਅਤੇ ਯੋਜਨਾ ਸਹਿਤ ਗੁਰੂ ਘਰ ਦੇ ਸੇਵਾਦਾਰ ਅਤੇ ਸੰਗਤਾਂ ਮਿਲ਼ ਕਰਕੇ ਸਤਿਗੁਰਾਂ ਦੇ ਸਿੰਘਾਸਨਾਂ ਦੀ ਵਿਛਾਈ ਅਤੇ ਸਜਾਵਟ ਬਹੁਤ ਹੀ ਸ਼ਰਧਾ ਭਾਵਨਾ ਨਾਲ਼ ਵੱਡੇ ਹਾਲ ਵਿੱਚ ਕਰਦੀਆਂ ਹਨ। ਸਾਰੇ ਦਰਬਾਰ ਸਾਹਿਬ ਅਤੇ ਖਾਸ ਕਰ ਪਾਲਕੀ ਸਾਹਿਬ ਨੂੰ ਬਹੁਤ ਹੀ ਮਨਮੋਹਣੀ ਸੁੰਦਰਤਾ ਨਾਲ਼ ਸ਼ਿੰਗਾਰਿਆ ਜਾਂਦਾ ਹੈ। ਦਰਬਾਰ ਸਾਹਿਬ ਵਿੱਚ ਪ੍ਰਵੇਸ਼ ਕਰਿਦਆਂ ਅਤੇ ਸਤਿਗੁਰ ਜੀ ਦੇ ਮੁਬਾਰਕ ਦਰਸ਼ਨ ਕਰਿਦਆਂ ਹੀ ਮਨ ਸ਼ਾਂਤ ਚਿੱਤ ਹੋ ਕੇ ਟਿਕਾਓ ਵਿੱਚ ਆ ਜਾਂਦਾ ਹੈ ਜਿਸ ਨਾਲ਼ ਸੁਰਤੀ ਇੱਕ ਦਮ ਅਕਾਲ ਪੁਰਖ ਵਿੱਚ ਅਭੇਦ ਹੋ ਜਾਂਦੀ ਹੈ। ਇੰਗਲੈਂਡ ਭਰ ਵਿੱਚ ਕਿਉਂਕਿ ਇਸ ਮਹੀਨੇ ਸਰਦੀ ਪੂਰੇ ਜ਼ੋਰਾਂ ਤੇ ਹੁੰਦੀ ਹੈ, ਇਸ ਕਰਕੇ ਸਾਰੇ ਹਾਲ ਨੂੰ ‘ਸੈਂਟਰਲ ਹੀਟਿੰਗ ਸਿਸਟਮ’ ਨਾਲ਼ ਨਿੱਘਿਆਂ ਰੱਖਣ ਦਾ ਖਾਸ ਪਰਬੰਧ ਹੁੰਦਾ ਹੈ। ਦਰਬਾਰ ਸਾਹਿਬ ਵਿੱਚ ਸਤਿਗੁਰੂ ਜੀ ਮੌਜੂਦਗੀ ਅਤੇ ਹਾਜ਼ਰੀ ਦਾ ਨਿੱਘ ਮਨ ਨੂੰ ਅੰਤਾਂ ਦਾ ਸਕੂਨ ਬਖਸ਼ਦੇ ਹਨ। ਸਤਿਗੁਰ ਦੇ ਨਾਮ ਵਿੱਚ ਰੱਤੀਆਂ ਰੂਹਾਂ ਲਈ ਮਾਘ ਦਾ ਸਾਰਾ ਮਹੀਨਾ ਹੀ ਸਤਿਗੁਰ ਦੀਆਂ ਅਪਾਰ ਬਖਿਸ਼ਸ਼ਾਂ ਵਾਲ਼ਾ ਹੋ ਨਿੱਬੜਦਾ ਹੈ ਜਿਸ ਨੂੰ ਸੰਗਤਾਂ ਅਗਲ ਸਾਲ ਫੇਰ ਬੜੀ ਉਤਸੁਕਤਾ ਨਾਲ਼ ਉਡੀਕਣ ਲਗਦੀਆਂ ਹਨ।
ਨੋਟ: ਗੁਰਦਵਾਰਾ ਨਾਨਕਸਰ, ਸਮਰਾਲਾ ਬਾਈਪਾਸ ਚੌਂਕ, ਲੁਧਆਣਾ ਵਿਖੇ ਵੀ ਏਸੇ ਤਰਾਂ ਹੀ ਹਜ਼ਾਰਾਂ ਸੰਗਤਾਂ ਏਸ ਮਹੀਨੇ ਖਾਸ ਕਰ ਉਚੇਚੇ ਤੌਰ ਤੇ ਹਾਜ਼ਰੀਆਂ ਭਰਕੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਸੀਸਾਂ ਦੀਆਂ ਪਾਤਰ ਬਣਦੀਆਂ ਹਨ। ਜਿੱਥੇ, ਵੈਸੇ ਤਾਂ ਸਾਰਾ ਸਾਲ ਹੀ ਸਿਮਰਨ ਦੇ ਪ੍ਰਵਾਹ ਕਈ ਸਾਲਾਂ ਤੋਂ ਨਿਰੰਤਰ ਜਾਰੀ ਹਨ, ਪਰ ਮਾਘ ਦਾ ਪੂਰਾ ਮਹੀਨਾ ਹੀ ਬਾਬਾ ਜਸਵੰਤ ਸਿੰਘ ਜੀ, ਸਰੀਰਕ ਤਕਲੀਫਾਂ ਦੇ ਬਾਵਜੂਦ, ਸਵੇਰੇ 5 ਵਜੇ ਤੋਂ ਲੈ ਕਰ ਕੇ 7 ਤੱਕ ਆਪ ਸਿਮਰਨ ਉਪ੍ਰੰਤ ਆਪਣੇ ਸ਼ੁੱਭ ਬਚਨਾਂ ਨਾਲ਼ ਆਈਆਂ ਸੰਗਤਾਂ ਨੂੰ ਗੁਰੂ ਗ੍ੰਥ ਸਾਹਿਬ ਜੀ ਦੇ ਉਪਦੇਸ਼ ਨਾਲ਼ ਨਿਹਾਲ ਕਰਦੇ ਹਨ। ਗੁਰਦਵਾਰਾ ਗੁਰੂ ਅਮਰਦਾਸ ਜੀ, ਸਾਊਥਾਲ ਵਿਖੇ ਵੀ ਸਾਰਾ ਮਹੀਨਾ ਹੀ ਨਾਮ ਸਿਮਰਨ ਦੇ ਵਿਸ਼ੇਸ਼ ਪ੍ਰਵਾਹ ਚੱਲਦੇ ਹਨ। ਹਰ ਰੋਜ ਹੀ ਅੰਮ੍ਰਿਤ ਵੇਲੇ ਨਵਾਂ ਜਥਾ ਸਿਮਰਨ ਵਿੱਚ ਹਾਜਰੀ ਭਰਦਾ ਹੈ ਅਤੇ ਮਹੀਨੇ ਦੇ ਅੰਤ, ਭਾਵ ਅਗਲੇ ਮਹੀਨੇ, ਫੱਗਣ ਦੀ ਸੰਗਰਾਂਦ ਵਾਲ਼ੇ ਦਿਨ ਵੀ 12 ਘੰਟੇ ਸਿਮਰਨ ਦਾ ਪ੍ਰਵਾਹ ਲਗਾਤਾਰ ਚੱਲਦਾ ਹੈ।